ਲੰਬੇ ਸੰਘਰਸ਼ ’ਚੋਂ ਉੱਭਰਿਆ ਨਾਂ ਨਿਰਮਲ ਸਿੱਧੂ

September 18, 2016 12:53 PM

ਬਾਬਾ ਫ਼ਰੀਦ ਦੀ ਧਰਤੀ ਫ਼ਰੀਦਕੋਟ ਦੀ ਬੁੱਕਲ ਵਿੱਚ ਚੜ੍ਹਦੇ ਪਾਸੇ ਵਸਿਆ ਪਿੰਡ ਟਹਿਣਾ ਉੱਘੇ ਗਾਇਕ ਤੇ ਸੰਗੀਤਕਾਰ ਨਿਰਮਲ ਸਿੱਧੂ ਦੀ ਜਨਮ ਭੂਮੀ ਹੈ। ਉਸ ਨਾਲ ਮੇਰੀ ਜਾਣ-ਪਛਾਣ ਉਦੋਂ ਹੋਈ ਜਦੋਂ ਉਹ ਫ਼ਰੀਦਕੋਟ ਦੇ ਮੁੱਖ ਬਾਜ਼ਾਰ ਦੇ ਇੱਕ ਚੁਬਾਰੇ ਵਿੱਚ ਬਾਬਾ ਫ਼ਰੀਦ ਸੰਗੀਤ ਅਕੈਡਮੀ ਚਲਾ ਕੇ ਸੰਗੀਤ ਦੀ ਸਿੱਖਿਆ ਦਿਆ ਕਰਦਾ ਸੀ। ਇੱਥੇ ਸੰਗੀਤਕਾਰ ਕੁਲਵਿੰਦਰ ਕੰਵਲ, ਬਲਧੀਰ ਮਾਹਲਾ, ਮਨਜੀਤ ਸੰਧੂ, ਦਿਲਸ਼ਾਦ ਅਖਤਰ, ਰਾਜ ਬਰਾੜ, ਗੁਰਮੀਤ ਸਾਜਨ, ਭਿੰਦੇ ਸ਼ਾਹ ਰਾਜੋਵਾਲੀਆ ਆਦਿ ਗਾਇਕਾਂ ਤੇ ਗੀਤਕਾਰਾਂ ਦੀ ਮਹਿਫ਼ਿਲ ਅਕਸਰ ਜੁੜਦੀ ਸੀ। ਨਿਰਮਲ ਸਿੱਧੂ ਬੜਾ ਮਿਹਨਤੀ ਸੀ। ਕੁਝ ਨਾ ਕੁਝ ਕਰਦੇ ਰਹਿਣਾ ਉਸ ਦੀ ਸੋਚ ਦਾ ਹਿੱਸਾ ਸੀ। ਇੱਕ ਦਿਨ ਬੈਠੇ ਬੈਠੇ ਡੈੱਕ ’ਤੇ ਗੀਤ ਰਿਕਾਰਡ ਕਰਨ ਦਾ ਮਤਾ ਪਾਸ ਹੋ ਗਿਆ ਜਿਸ ਦੀ ਰਿਕਾਰਡਿੰਗ ਤੇ ਸੰਗੀਤ ਨਿਰਮਲ ਨੇ ਕੀਤਾ ਅਤੇ ਗੀਤ ਰੀਕਾਰਡ ਕਰਕੇ ਸਾਰਿਆਂ ਦਾ ਸ਼ੌਕ ਪੂਰਿਆ। ਕੁਝ ਸਮੇਂ ਬਾਅਦ ਇੱਕ ਫ਼ਿਲਮ ਬਣਾਉਣ ਦਾ ਸੁਪਨਾ ਲੈ ਲਿਆ। ਇਸ ਦੀ ਕਹਾਣੀ ਨਿਰਮਲ ਸਿੱਧੂ ਨੇ ਲਿਖ ਦਿੱਤੀ, ਪਟਕਥਾ ਕੁਲਵਿੰਦਰ ਕੰਵਲ ਤੇ ਸਾਰਿਆਂ ਨੇ ਰਲ-ਮਿਲ ਕੇ ਪੂਰੀ ਕੀਤੀ। ਫ਼ਿਲਮ ਦੇ ਗੀਤ ਮੈਂ ਤੇ ਮਨਜੀਤ ਸੰਧੂ ਨੇ ਲਿਖ ਦਿੱਤੇ। ਫ਼ਿਲਮ ਦੀ ਸ਼ੂਟਿੰਗ ਨਿਰਮਲ ਸਿੱਧੂ ਦੇ ਪਿੰਡ ਟਹਿਣੇ ਵਿੱਚ ਸਾਧਾਰਨ ਵੀਡਿਓ ਕੈਮਰੇ ਨਾਲ ਸ਼ੁਰੂ ਕਰ ਦਿੱਤੀ ਗਈ। ਫ਼ਿਲਮ ਦਾ ਨਿਰਦੇਸ਼ਨ ਗੁਰਮੀਤ ਸਾਜਨ ਤੇ ਨਿਰਮਲ ਸਿੱਧੂ ਨੇ ਕੀਤਾ। ਫ਼ਿਲਮ ਵਿੱਚ ਕੰਮ ਕਰਨ ਵਾਲੇ ਵੀ ਅਸੀਂ ਆਪ ਹੀ ਸੀ। ਇੱਕ ਮਹੀਨੇ ਵਿੱਚ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਕਰ ਕੇ ਉਹਦੀ ਐਡੀਟਿੰਗ ਤੇ ਡਬਿੰਗ  ਵੀ, ਵੀਸੀਆਰ 2 ’ਤੇ ਕੀਤੀ ਗਈ। ਇਸ ਲਾਈਨ ਨਾਲ ਜੁੜੇ ਲੋਕ ਅਜਿਹਾ ਕਰਨ ਤੋਂ ਹੱਥ ਖੜ੍ਹੇ ਕਰ ਗਏ ਸਨ, ਪਰ ਇਹ ਸਾਰਾ ਕੰਮ ਵੀ ਨਿਰਮਲ ਸਿੱਧੂ ਨੇ ਬਾਖ਼ੂਬੀ ਕਰਕੇ ਵਿਖਾਇਆ। ਫ਼ਿਲਮ ਤਿਆਰ ਹੋ ਗਈ। ਇਸ ਦਾ ਨਾਂ ‘ਕੈਦਾਂ ਉਮਰਾਂ ਦੀਆਂ’ ਰੱਖਿਆ ਗਿਆ। ਫ਼ਿਲਮ ਦਾ ਮਾਸਟਰ ਪੀਸ ਤਿਆਰ ਕਰਕੇ ਦਿੱਲੀ ਦੀ ਇੱਕ ਕੰਪਨੀ ਨੂੰ ਦਿੱਤਾ ਗਿਆ, ਪਰ ਉਨ੍ਹਾਂ ਨੇ ਇਸ ਨੂੰ ਰਿਲੀਜ਼ ਕਰਨ ਵਿੱਚ ਦਿਲਚਸਪੀ ਨਾ ਵਿਖਾਈ। ਅਸੀਂ ਸਾਰਿਆਂ ਨੇ ਮਾਸਟਰਪੀਸ ਵੀਸੀਆਰ ’ਤੇ ਚਲਾ ਕੇ ਆਪੋ ਆਪਣੇ ਪਿੰਡਾਂ ਵਿੱਚ ਲੋਕਾਂ ਨੂੰ ਜ਼ਰੂਰ ਵਿਖਾ ਦਿੱਤੀ। ਭਾਵੇਂ ਇਹ ਉਸ ਸਮੇਂ ਇੱਕ ਬਚਕਾਨਾ ਕੰਮ ਹੀ ਸੀ, ਪਰ ਨਿਰਮਲ ਸਿੱਧੂ ਕਹਿੰਦਾ ਹੈ ਕਿ ਉਸ ਨੇ ਇਸ ਵਿੱਚੋਂ ਬਹੁਤ ਕੁਝ ਸਿੱਖ ਲਿਆ ਸੀ ਜੋ ਉਸਨੂੰ ਅੱਗੇ ਜਾ ਕੇ ਬਹੁਤ ਕੰਮ ਆਇਆ। ਕੁਝ ਸਮੇਂ ਬਾਅਦ 1990 ਵਿੱਚ ਨਿਰਮਲ ਸਿੱਧੂ ਜਲੰਧਰ ਚਲਾ ਗਿਆ। ਇੱਥੇ ਜਾ ਵਸਣ ਦਾ ਸਿੱਧੂ ਨੂੰ ਇਹ ਫ਼ਾਇਦਾ ਹੋਇਆ ਕਿ ਉਸ ਦਾ ਦੂਰਦਰਸ਼ਨ, ਆਕਾਸ਼ਵਾਣੀ ਜਲੰਧਰ ਅਤੇ ਅਖ਼ਬਾਰਾਂ ਦੇ ਦਫ਼ਤਰਾਂ ਵਿੱਚ ਆਉਣ ਜਾਣ ਹੋ ਗਿਆ। ਦੂਰਦਰਸ਼ਨ ਅਤੇ ਰੇਡੀਓ ’ਤੇ ਗਾਉਣ ਦੇ ਨਾਲ-ਨਾਲ ਸੰਗੀਤ ਦਾ ਕੰਮ ਵੀ ਮਿਲਣ ਲੱਗ ਪਿਆ। ਇਸ ਨਾਲ ਆਰਥਿਕ ਤੰਗੀ ਤੋਂ ਕੁਝ ਛੁਟਕਾਰਾ ਮਿਲ ਗਿਆ। ਫਿਰ ਜਲੰਧਰ ਦਾ ਪਾਣੀ ਨਿਰਮਲ ਸਿੱਧੂ ਨੂੰ ਅਜਿਹਾ ਰਾਸ ਆਇਆ ਕਿ ਦਿਨ-ਬ-ਦਿਨ ਉਸ ਦੀ ਕਿਸਮਤ ਦਾ ਸਿਤਾਰਾ ਚਮਕਣ ਲੱਗ ਪਿਆ। ਇਸ ਸਮੇਂ ਦੌਰਾਨ ਹੀ ਕੈਸੇਟ ‘ਕਦੇ ਕਦੇ ਖੇਡ ਲਿਆ ਕਰੀਂ’ ਨਾਲ ਉਸ ਦੀ ਗਾਇਕ ਅਤੇ ਸੰਗੀਤਕਾਰ ਵਜੋਂ ਤੂਤੀ ਬੋਲਣ ਲੱਗ ਪਈ। 1992 ਤੋਂ 1997 ਤਕ ਬਾਲ ਕਲਾਕਾਰਾਂ ਦਾ ਯੁੱਗ ਆਇਆ ਜਿਸ ਵਿੱਚ ਨਿਰਮਲ ਸਿੱਧੂ ਨੇ ਮਾਸਟਰ ਸਲੀਮ ਦੀ ਆਵਾਜ਼ ਵਿੱਚ ਕੈਸੇਟ ‘ਚਰਖੇ ਦੀ ਘੂਕ’ ਆਪਣੇ ਸੰਗੀਤ ਵਿੱਚ ਲਾਂਚ ਕੀਤੀ। ਫਿਰ ਉਸ ਨੇ ਮਾਸਟਰ ਖਾਨ, ਮਾਸਟਰ ਦਿਲਖੁਸ਼, ਮਾਸਟਰ ਰਾਕੇਸ਼ ਆਦਿ ਬਾਲ ਕਲਾਕਾਰਾਂ ਨੂੰ ਆਪਣੇ ਸੰਗੀਤ ਵਿੱਚ ਪੇਸ਼ ਕੀਤਾ। ਉਸ ਨੇ ਹਰਭਜਨ ਮਾਨ, ਸਾਬਰ ਕੋਟੀ, ਹੰਸ ਰਾਜ ਹੰਸ, ਸਰਦੂਲ ਸਿਕੰਦਰ, ਗੁਰਦਾਸ ਮਾਨ, ਲਾਭ ਜੰਜੂਆ, ਜਸਬੀਰ ਜੱਸੀ, ਦਿਲਸ਼ਾਦ, ਪਰਮਿੰਦਰ ਸੰਧੂ, ਮੁਹੰਮਦ ਸਦੀਕ, ਕਰਤਾਰ ਰਮਲਾ, ਸੁਰਿੰਦਰ ਛਿੰਦਾ, ਮਨਪ੍ਰੀਤ ਅਖਤਰ, ਕੁਲਵਿੰਦਰ ਕੰਵਲ, ਮੰਗੀ ਮਾਹਲ, ਸਰਬਜੀਤ ਕੌਰ, ਰੰਜਨਾ, ਅਮਰਨੂਰੀ ਆਦਿ ਪ੍ਰਸਿੱਧ ਗਾਇਕਾਂ ਦੀ ਆਵਾਜ਼ ਨੂੰ ਆਪਣੇ ਸੰਗੀਤ ਵਿੱਚ ਪਰੋਇਆ। ਉਸ ਨੇ ਨਾਲ ਹੀ ਆਪਣੀ ਗਾਇਕੀ ਦੀ ਪੰਜਾਲੀ ਨੂੰ ਵੀ ਮੋਢਿਆਂ ’ਤੇ ਟਿਕਾਈ ਰੱਖਿਆ ਅਤੇ ਅਣਗਿਣਤ ਹੀ ਗੀਤ ਗਾਏ। ਇਹ ਤਕਰੀਬਨ ਸਾਰੇ ਗੀਤ ਹਿੱਟ ਰਹੇ। ਹਾਲ ਹੀ ਵਿੱਚ ਲਾਂਚ ਕੀਤੇ ਸਿੰਗਲ ਟਰੈਕ ਗੀਤ ‘ਲੇਬਰ ਚੌਕ’ ਤੇ ‘ਗੱਭਰੂ’ ਵੀ ਕਾਫ਼ੀ ਮਕਬੂਲ ਰਹੇ ਹਨ। ਇਸ ਤੋਂ ਪਹਿਲਾਂ ‘ਨਾ ਪੀਆ ਕਰ ਡੁੱਬ ਜਾਣਿਆ, ਦਾਰੂ ਤੇਰੀ ਮਾੜੀ’ ਗਾ ਕੇ ਵੀ ਨਿਰਮਲ ਸਿੱਧੂ ਨੇ ਨਸ਼ਿਆਂ ’ਤੇ ਆਪਣੇ ਢੰਗ ਨਾਲ ਚੋਟ ਕੀਤੀ ਸੀ ਜਿਸ ਨੂੰ ਕਾਫ਼ੀ ਸਲਾਹਿਆ ਗਿਆ ਸੀ। ਉਸ ਦੀ ਫ਼ਿਲਮਾਂ ਵਿੱਚ ਵੀ ਪਿੱਠਵਰਤੀ ਗਾਇਕ ਅਤੇ ਸੰਗੀਤਕਾਰ ਵਜੋਂ ਵੱਖਰੀ ਪਛਾਣ ਹੈ। ਉਸ ਨੇ ਟਰੱਕ ਡਰਾਈਵਰ, ਸਿਕੰਦਰਾ, ਪੁਰਜਾ ਪੁਰਜਾ ਕੱਟ ਮਰੇ, ਲੋਹੜੀ ਦੀ ਰਾਤ, ਪੰਜਾਬ 1947, ਚੜ੍ਹਦਾ ਸੂਰਜ, ਯੋਧਾ, ਪਿਊਰ ਪੰਜਾਬੀ, ਯਾਰਾਂ ਨਾਲ ਬਹਾਰਾਂ, ਗੁੱਡੋ ਆਦਿ ਫ਼ਿਲਮਾਂ ਦਾ ਸੰਗੀਤ ਦਿੱਤਾ ਅਤੇ ਕੁਝ ਫ਼ਿਲਮਾਂ ਵਿੱਚ ਗਾਇਆ ਵੀ ਹੈ, ਪਰ ਉਸ ਦੀ ਆਪ ਫ਼ਿਲਮ ਬਣਾਉਣ ਵਿੱਚ ਅਜੇ ਕੋਈ ਦਿਲਚਸਪੀ ਨਹੀਂ। ਉਸ ਦੇ ਦੋਵੇਂ ਪੁੱਤਰ ਨਵ ਸਿੱਧੂ ਅਤੇ ਰੋਬਿਨ ਰਾਜਾ ਸਿੱਧੂ ਵਿਦੇਸ਼ ਵਿੱਚ ਸਥਾਪਿਤ ਹਨ। ਨਵ ਸਿੱਧੂ ਆਪਣੇ ਪਿਤਾ ਤੋਂ ਗੁੜ੍ਹਤੀ ਲੈ ਕੇ ਗਾਇਕੀ ਨੂੰ ਜਾਰੀ ਰੱਖ ਰਿਹਾ ਹੈ ਅਤੇ ਛੋਟਾ ਰਾਜਾ ਸਿੱਧੂ ਵੀਡਿਓ ਡਾਇਰੈਕਟਰ ਹੈ ਅਤੇ ਉਹ ਬੈਸਟਿਕ ਫ਼ਿਲਮਾਂ ਅਤੇ ਗੀਤਾਂ ਉੱਤੇ ਆਧਾਰਿਤ ਵੀਡਿਓ ਬਣਾਉਣ ਵਿੱਚ ਨਿਪੁੰਨਤਾ ਹਾਸਲ ਕਰ ਚੁੱਕਾ ਹੈ। 1980ਵਿਆਂ ਵਿੱਚ ਤੰਗੀਆਂ ਤੁਰਸ਼ੀਆਂ ਹੰਢਾਉਣ ਵਾਲਾ ਨਿਰਮਲ ਸਿੱਧੂ ਆਪਣੀ ਸਖ਼ਤ ਮਿਹਨਤ ਅਤੇ ਲੰਬੇ ਸੰਘਰਸ਼ ਤੋਂ  ਬਾਅਦ ਫਰਸ਼ ਤੋਂ ਉੱਠ ਕੇ ਅਰਸ਼ ਨੂੰ ਹੱਥ ਲਾ ਕੇ ਪਿਛਲੇ ਸਾਲ ਤੋਂ ਮੁੜ ਆਪਣੀ ਜਨਮ ਭੂਮੀ ਪਿੰਡ ਟਹਿਣੇ ਆ ਵੱਸਿਆ ਹੈ। ਪਿੰਡ ਦੀ ਮਿੱਟੀ ਦਾ ਮੋਹ ਉਸ ਨੂੰ ਵਾਪਸ ਖਿੱਚ ਲਿਆਇਆ ਹੈ। ਹੁਣ ਉਸ ਨੇ ਪਿੰਡ ਟਹਿਣੇ ਤੋਂ ਪੱਕਾ ਰੋਡ ’ਤੇ ਆਪਣੇ ਰਹਿਣ ਲਈ ਇੱਕ ਆਲ੍ਹਣਾ ਬਣਾ ਲਿਆ ਹੈ ਜਿਸ ਵਿੱਚ ਉਸ ਨੇ ਪੁਰਾਣਾ ਪੇਂਡੂ ਸੱਭਿਆਚਾਰ ਸਾਂਭ ਕੇ ਰੱਖਣ ਲਈ ਇੱਕ ਛੋਟਾ ਜਿਹਾ ਅਜਾਇਬਘਰ ਵੀ ਬਣਾਇਆ ਹੈ। ਆਸ ਹੈ ਕਿ ਨਿਰਮਲ ਸਿੱਧੂ ਦੀ ਪਰਪੱਕ ਗਾਇਕੀ ਅਤੇ ਸੰਗੀਤ ਦਾ ਜਾਦੂ ਪਹਿਲਾਂ ਵਾਂਗ ਹੀ ਸਰੋਤਿਆਂ ਦੇ ਦਿਲਾਂ ’ਤੇ ਰਾਜ ਕਰਦਾ ਰਹੇਗਾ। ਉਸਨੂੰ ਗੀਤ ਸੰਗੀਤ ਦੇ ਮੁਸ਼ਕਿਲ ਪੈਂਡੇ ਦਾ ਰਾਹ ਦਸੇਰਾ ਕਹਿ ਲਈਏ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ।