ਪੰਜਾਬੀ ਜੀਵਨ ਵਿੱਚ ਗਹਿਣੇ

March 06, 2016 08:32 AM

ਪੰਜਾਬੀ ਜੀਵਨ ਵਿੱਚ ਗਹਿਣਿਆਂ ਦੀ ਖ਼ਾਸ ਮਹੱਤਤਾ ਹੈ। ਗਹਿਣੇ, ਲੋਕ ਜੀਵਨ ਵਿੱਚ ਵੰਨ-ਸੁਵੰਨੇ ਰੰਗ ਭਰਨ, ਹਾਰ-ਸ਼ਿੰਗਾਰ ਕਰਨ ਅਤੇ ਜੀਵਨ ਵਿੱਚ ਉਮੰਗ ਤੇ ਉਤਸ਼ਾਹ ਪੈਦਾ ਕਰਨ ਦਾ ਵਸੀਲਾ ਬਣਦੇ ਹਨ। ਪਹਿਲਾਂ-ਪਹਿਲ ਹਾਰ-ਸ਼ਿੰਗਾਰ ਦੀ ਸਮਗਰੀ ਅਤੇ ਗਹਿਣੇ ਮਾਨਸਿਕ ਤੇ ਸਰੀਰਕ ਆਰੋਗਤਾ ਲਈ ਵਰਤੇ ਤੇ ਪਹਿਨੇ ਜਾਣ ਲੱਗੇ ਸਨ। ਆਦਿ ਯੁੱਗ ਦੇ ਮਨੁੱਖ ਨੂੰ ਇਸ ਗੱਲ ਦਾ ਬੋਧ ਸੀ ਕਿ ਖ਼ਾਸ ਧਾਤਾਂ ਦੀ ਛੋਹ ਅਤੇ ਚਮਕ ਦੇ ਮਨੁੱਖੀ ਸਰੀਰ ਅਤੇ ਮਨ ਉੱਤੇ ਕਈ ਪ੍ਰਭਾਵ ਪੈਂਦੇ ਹਨ। ਕੁਝ ਦੰਦ-ਕਥਾਵਾਂ ਵਿੱਚ ਇਸ ਤਰ੍ਹਾਂ ਦੇ ਹਵਾਲੇ ਵੀ ਮਿਲਦੇ ਹਨ ਕਿ ਗਹਿਣੇ ਪ੍ਰੇਮੀ ਵੱਲੋਂ ਪ੍ਰੇਮਿਕਾ ਨੂੰ ਭੂਤਾਂ-ਪ੍ਰੇਤਾਂ ਤੇ ਬਦਰੂਹਾਂ ਤੋਂ ਬਚਾਉਣ ਅਤੇ ਦੇਹ ਅਰੋਗਤਾ ਦੇ ਨਾਲ ਉਸ ਨੂੰ ਖ਼ੂਬਸੂਰਤ ਬਣੀ ਦੇਖਣ ਦੀ ਭਾਵਨਾ ਵਿੱਚੋਂ ਜਨਮੇ ਸਨ।
ਇੱਕ ਗੱਲ  ਵੀ ਸਹਿਜੇ ਹੀ ਧਿਆਨ ਵਿੱਚ ਆ ਜਾਂਦੀ ਹੈ ਕਿ ਜਦੋਂ ਆਮ ਲੋਕ ਆਪਣੀਆਂ ਲੋਡ਼ਾਂ ਸ਼ਾਹੂਕਾਰਾਂ ਕੋਲੋਂ ਕਰਜ਼ਾ ਚੁੱਕ ਕੇ ਪੂਰੀਆਂ ਕਰਦੇ ਸਨ ਤੇ ਜਦੋਂ ਨੋਟਾਂ ਦਾ ਪਸਾਰ  ਬਹੁਤ ਘੱਟ ਸੀ, ਓਦੋਂ ਚਾਂਦੀ ਦੇ ਸਿੱਕਿਆਂ ਦਾ ਪ੍ਰਚਲਨ ਸੀ, ਪਰ ਉਹ ਹਰ ਵੇਲੇ ਬਹੁਤੀ ਮਾਤਰਾ ਵਿੱਚ ਨਹੀਂ ਸਨ ਰੱਖੇ ਜਾ ਸਕਦੇ। ਸਾਂਭ ਕੇ ਰੱਖੇ ਹੋਏ ਗਹਿਣੇ, ਜਾਇਦਾਦ ਹੀ ਹੁੰਦੇ ਸਨ ਜਿਨ੍ਹਾਂ ਨੂੰ ਵਿੱਤ ਮੂਜਬ ਵਰਤ ਲਿਆ ਜਾਂਦਾ ਸੀ। ਗਹਿਣਿਆਂ ਉੱਪਰ ਹੁਣ ਤਕ ਹੋਈ ਖੋਜ ਦੇ ਆਧਾਰ ’ਤੇ ਪੰਜਾਬਣ ਵੱਲੋਂ ਪਹਿਨੇ ਜਾਂਦੇ ਰਹੇ ਅੱਸੀ-ਬਿਆਸੀ ਤਰ੍ਹਾਂ ਦੇ ਗਹਿਣਿਆਂ ਦੀ ਸ਼ਨਾਖ਼ਤ ਹੋਈ ਹੈ। ਦੋ ਦਰਜਨ ਦੇ ਕਰੀਬ ਗਹਿਣੇ ਪੁਰਸ਼ ਪਹਿਨਦੇ ਹਨ। ਹੱਥਲੇ ਲੇਖ ਵਿੱਚ ਉਨ੍ਹਾਂ ਗਹਿਣਿਆਂ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਦੀ ਗੱਲ ਲੋਕ ਸਭਿਆਚਾਰ ਵਿੱਚ ਹੋਈ ਹੈ।
ਪਹਿਲਾਂ ਸਿਰ ਦੇ ਵਾਲਾਂ ਦੀਆਂ ਗੁੰਦੀਆਂ ਪੱਟੀਆਂ ਵਿੱਚ ਸੱਗੀ ਫੁੱਲ ਦਾ ਗਹਿਣਾ ਪਾਇਆ ਜਾਂਦਾ ਸੀ। ਸੱਗੀ ਤੇ ਚੌਂਕ ਪਾਉਣ ਨਾਲ ਸਿਰ ਦੇ ਵਾਲਾਂ ਦਾ ਉਭਾਰ ਬਣਿਆ ਰਹਿੰਦਾ ਸੀ ਅਤੇ ਸਿਰ ਦੇ ਗੁੰਦੇ ਹੋਏ ਵਾਲ ਖ਼ਰਾਬ ਨਹੀਂ ਹੁੰਦੇ ਸਨ। ਸੱਗੀ ਤੇ ਚੌਂਕ ਕੁੱਪ-ਨੁਮਾ ਹੁੰਦੇ ਹਨ। ਸੱਗੀ ਉੱਚੀ ਹੁੰਦੀ ਹੈ ਤੇ ਚੌਂਕ ਥੋਡ਼੍ਹਾ ਜਿਹਾ ਬੈਠਵਾਂ ਹੁੰਦਾ ਹੈ। ਚੌਂਕ ਦੇ ਨਾਲ ਦੋ ਚੰਦ ਵੀ ਹੁੰਦੇ ਹਨ ਜਿੰਨਾਂ ਨੂੰ ਚੌਂਕ ਦੇ ਦੋਵੇਂ ਪਾਸੇ ਲਟਕਾਉਣ ਲਈ ਜ਼ੰਜੀਰੀਆਂ ਦਾ ਇਸਤੇਮਾਲ  ਕੀਤਾ ਜਾਂਦਾ ਹੈ। ਸ਼ਿੰਗਾਰ ਪੱਟੀ, ਪਾਸਾ ਤੇ ਬਘਿਆਡ਼ੀ ਵੀ ਸਿਰ ਦੇ ਗਹਿਣੇ ਹਨ।  ਕਲਗੀ ਤੇ ਮੁਕਟ ਪੁਰਸ਼ਾਂ ਦੇ ਗਹਿਣੇ ਹਨ। ਟਿੱਕਾ ਤੇ ਜਿਲਜਿਲ ਮੱਥੇ ’ਤੇ ਲਾਉਣ ਵਾਲੇ ਲੋਕਪ੍ਰਿਯ ਗਹਿਣੇ ਹਨ। ਟਿੱਕਾ ਜ਼ੰਜੀਰੀ ਦੇ ਨਾਲ ਚੌਂਕ ਨਾਲ ਜੋਡ਼ਿਆ ਜਾਂਦਾ ਹੈ। ਸੋਨੇ ਦਾ ਬਣਾਇਆ ਗਿਆ ਇਹ ਗਹਿਣਾ ਮੱਥੇ ਦੇ ਵਿਚਕਾਰ ਟਿਕਾਇਆ ਜਾਂਦਾ ਹੈ। ਇਸ ਦੇ ਹੇਠਲੇ ਸਿਰੇ ’ਤੇ ਮੋਤੀਆਂ ਨਾਲ ਜਡ਼ੀਆਂ ਛੋਟੀਆਂ-ਛੋਟੀਆਂ ਪੱਤੀਆਂ ਹੁੰਦੀਆਂ ਹਨ।
ਨੱਕ ਦੀ ਖ਼ੂਬਸੂਰਤੀ ਵਧਾਉਣ ਲਈ ਇਸ ਵਿੱਚ ਗਹਿਣੇ ਪਹਿਨਣ ਦੇ ਮੰਤਵ ਵਜੋਂ ਬਚਪਨ ਵਿੱਚ ਹੀ ਕੁਡ਼ੀਆਂ ਦੇ ਨੱਕ ਅਤੇ ਕੰਨ ਵਿੰਨ੍ਹ ਦਿੱਤੇ ਜਾਂਦੇ ਹਨ। ਨੱਕ ਦੇ ਬਹੁਤੇ ਗਹਿਣੇ ਵਿਆਹ ਜਾਂ ਉਸ ਤੋਂ ਪਹਿਲਾਂ ਕੁਡ਼ੀਆਂ ਨੂੰ ਪੇਕਿਆਂ ਵੱਲੋਂ ਪਾਏ ਜਾਂਦੇ ਹਨ। ਨੱਥ, ਲੌਂਗ, ਤੀਲੀ ਤੇ ਮਛਲੀ ਨੱਕ ਦੇ ਗਹਿਣੇ ਹਨ। ਨੱਥ, ਸੋਨੇ ਦੀ ਚੂਡ਼ੀ  ਵਰਗੀ ਹੁੰਦੀ ਹੈ। ਵਜ਼ਨ ਵਿੱਚ ਭਾਰੀ ਹੋਣ ਕਰਕੇ ਇਸ ਨੂੰ ਰੇਸ਼ਮੀ ਡੋਰੀ ਜਾਂ ਜ਼ੰਜੀਰੀ ਪਾ ਕੇ ਕੰਨ ਨਾਲ ਅਡ਼ਾ ਦਿੱਤਾ ਜਾਂਦਾ ਹੈ।
ਛਾਪਾਂ-ਛੱਲੇ ਹੱਥਾਂ ਦੀਆਂ ਉਂਗਲੀਆਂ ਦੇ ਹਰਮਨਪਿਆਰੇ ਗਹਿਣੇ ਹਨ। ਅੰਗੂਠੀ, ਅੰਗੂਠਾ ਤੇ ਰਤਨ ਚੌਂਕ ਆਦਿ ਹੱਥਾਂ ਤੇ ਉਂਗਲਾਂ  ’ਤੇ ਪਹਿਨਣ ਵਾਲੇ ਗਹਿਣੇ ਹਨ। ਆਰਸੀ ਅੰਗੂਠੇ ਵਿੱਚ ਪਾਇਆ ਜਾਣ ਵਾਲਾ ਸੋਨੇ ਦਾ ਗਹਿਣਾ ਹੈ। ਇਸ ਵਿੱਚ ਮੂੰਹ ਦੇਖਣ ਵਾਸਤੇ ਸ਼ੀਸ਼ਾ ਲੱਗਾ ਹੁੰਦਾ ਹੈ। ਉਂਗਲੀ ਵਿੱਚ ਪਹਿਨੀ ਜਾਣ ਵਾਲੀ ਅੰਗੂਠੀ ਸ਼ਾਇਦ ਲੋਕ ਜੀਵਨ ਦੇ ਸਭ ਤੋਂ ਵੱਧ ਨੇਡ਼ਲਾ ਗਹਿਣਾ ਹੈ।ਕੰਨਾਂ ਵਿੱਚ ਪਾਏ ਜਾਣ ਵਾਲੇ ਝੁਮਕੇ, ਕਾਂਟੇ, ਵਾਲੀਆਂ, ਵਾਲੇ, ਮੁਰਕੀਆਂ, ਡੰਡੀਆਂ, ਬੁੰਚੇ, ਪਿੱਪਲ ਪੱਤੀਆਂ, ਲੋਟਣ ਅਤੇ ਟੌਪਸ ਆਦਿ ਅਨੇਕਾਂ ਪ੍ਰਕਾਰ ਦੇ ਗਹਿਣੇ ਹਨ। ਗਰਦਨ ਤੇ ਗਲ ਵਿੱਚ ਪਹਿਨੇ ਜਾਣ ਵਾਲੇ ਗਹਿਣਿਆਂ ਵਿੱਚ ਗਾਨੀ, ਕੈਂਠੀ, ਗੁਲੂਬੰਦ, ਹਸ ਆਦਿ ਪ੍ਰਮੁੱਖ ਗਹਿਣੇ ਹਨ। ਪੈਂਡਲ ਫੋਸ ਸੋਨੇ ਦਾ ਗਹਿਣਾ ਹੁੰਦਾ ਹੈ, ਜਿਸ ਨੂੰ ਜ਼ੰਜੀਰੀ ਵਿੱਚ ਪਰੋਇਆ ਜਾਂਦਾ ਹੈ। ਪੁਰਸ਼ਾਂ ਦੇ ਗਲੇ ਦੇ ਗਹਿਣਿਆਂ ਵਿੱਚ ਮਾਲਾ, ਕੰਠ-ਤਵੀਜ਼, ਜ਼ੰਜੀਰੀ ਤੇ ਕੈਂਠਾ ਆਦਿ ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹਨ। ਮੰਗਲ-ਸੂਤਰ ਦਾ ਭਾਰਤੀ ਸਮਾਜ ਵਿੱਚ ਵਿਸ਼ੇਸ਼ ਮਹੱਤਵ ਹੈ। ਬਾਹਵਾਂ ਵਿੱਚ ਪਹਿਨੇ ਜਾਣ ਵਾਲੇ ਗਹਿਣਿਆਂ ਵਿੱਚ ਗੋਖਡ਼ੂ, ਕਡ਼ੇ, ਬਾਜ਼ੂਬੰਦ, ਚੂਡ਼ੀ, ਵੰਗਾਂ, ਪਹੁੰਚੀਆਂ, ਪਰੀਬੰਦ,  ਗਜਰਾ ਤੇ ਕੰਗਣ ਆਦਿ ਜਾਣੇ-ਪਛਾਣੇ ਗਹਿਣੇ ਹਨ। ਪੰਜਾਬੀ ਜੀਵਨ ਵਿੱਚ ਗਹਿਣੇ ਸੋਨੇ ’ਤੇ ਸੁਹਾਗੇ ਦਾ ਕੰਮ ਕਰਦੇ ਹਨ। ਗਹਿਣਿਆਂ ਖ਼ਾਤਰ ਕੋਈ ਰੁੱਸਦਾ ਹੈ, ਕੋਈ ਮੰਨਦਾ ਹੈ ਤੇ ਕੋਈ ਨਿਹੋਰੇ ਦਿੰਦਾ ਹੈ। ਮਿਸਾਲ ਵਜੋਂ:
ਚੌਂਕ ਘਡ਼ਾ ਕੇ ਦੇ ਗਿਆ ਨੀਂ, ਫੁੱਲ ਤੇ ਹਨ ਨਹੀਂ ਪੱਲੇ
ਇਨ੍ਹਾਂ ਜੋਗੀਆਂ ਨੇ ਕਿਹਡ਼ੇ ਪੱਤਣ ਆ ਮੱਲੇ।
ਗੱਲ ਕੀ ਜੇ ਗਹਿਣਿਆਂ ਨੂੰ ਪੰਜਾਬੀ ਲੋਕ ਗੀਤਾਂ ਵਿੱਚ ਏਨਾ ਨੁਮਾਇਆ ਸਥਾਨ ਮਿਲਿਆ ਹੈ ਤਾਂ ਇਸ ਪਿੱਛੇ  ਲੋਕ ਜੀਵਨ ਇਨ੍ਹਾਂ ਦੇ ਵੱਡੇ ਹੋਣ ਦਾ ਰਹੱਸ ਛੁਪਿਆ ਹੋਇਆ ਹੈ। .