ਜਵਾਨ ਹੋਣ ’ਤੇ ਬਾਬਾ ਨਾਨਕ ਖੇਤਾਂ ਵਿਚ ਮੱਝੀਆਂ ਚਰਾਉਣ ਜਾਂਦੇ। ਮੱਝੀਆਂ ਚਰਾਉਂਦਿਆਂ ਇਕ ਵਾਰ ਬਾਬਾ ਨਾਨਕ ਪ੍ਰਭੂ ਭਗਤੀ ਵਿਚ ਲੀਨ ਹੋ ਗਏ। ਮੱਝੀਆਂ ਨਾਲ ਵਾਲੇ ਖੇਤ ਵਿਚ ਜਾ ਵੜੀਆਂ ਅਤੇ ਕਿਸਾਨ ਦੀ ਸਾਰੀ ਫ਼ਸਲ ਉਜਾੜ ਦਿੱਤੀ। ਕਿਸਾਨ ਨੇ ਜਦ ਆ ਕੇ ਇਹ ਸਭ ਦੇਖਿਆ ਤਾਂ ਉਸ ਨੇ ਬਾਬਾ ਨਾਨਕ ਨੂੰ ਕੁਝ ਨਹੀਂ ਕਿਹਾ ਪਰ ਖੇਤ ’ਚੋਂ ਮੱਝੀਆਂ ਕੱਢ ਕੇ ਪਿੰਡ ਦੇ ਚੌਧਰੀ ਰਾਏ ਬੁਲਾਰ ਕੋਲ ਸ਼ਿਕਾਇਤ ਕਰ ਦਿੱਤੀ।
ਰਾਏ ਬੁਲਾਰ ਨੂੰ ਉਸ ਦਾ ਯਕੀਨ ਨਾ ਆਇਆ ਅਤੇ ਕਿਸਾਨ ਨਾਲ ਆਪ ਉਸ ਦੇ ਖੇਤਾਂ ਵਿਚ ਉਸ ਦੀ ਉਜਾੜੀ ਹੋਈ ਫ਼ਸਲ ਵੇਖਣ ਆ ਗਿਆ।
ਕਿਸਾਨ ਆਪਣੇ ਖੇਤਾਂ ਵਿਚ ਲਹਿਰਾਉਂਦੀ ਫ਼ਸਲ ਦੇਖ ਕੇ ਦੰਗ ਰਹਿ ਗਿਆ ਅਤੇ ਸ਼ਰਮਿੰਦਾ ਹੋਇਆ। ਉਸ ਨੇ ਰਾਏ ਬੁਲਾਰ ਤੋਂ ਮਾਫ਼ੀ ਮੰਗੀ। ਰਾਏ ਬੁਲਾਰ ਨੇ ਝੂਠੀ ਸ਼ਿਕਾਇਤ ਕਰਨ ’ਤੇ ਕਿਸਾਨ ਦੀ ਝਾੜ ਝੰਬ ਵੀ ਕੀਤੀ।
ਨਨਕਾਣਾ ਸਾਹਿਬ (ਪਾਕਿਸਤਾਨ) ਵਿਚ ਇਸ ਅਸਥਾਨ ’ਤੇ ਗੁਰਦੁਆਰਾ ਕਿਆਰਾ ਸਾਹਿਬ ਬਣਿਆ ਹੋਇਆ ਹੈ। 1921 ਈ. ਤੋਂ ਪਹਿਲਾਂ ਮਹੰਤ ਫ਼ੌਜਾ ਸਿੰਘ, ਮਹੰਤ ਉਜਾਗਰ ਸਿੰਘ ਅਤੇ ਮਹੰਤਣੀ ਇੰਦਰ ਕੌਰ ਇਸ ਅਸਥਾਨ ’ਤੇ ਕਾਬਜ਼ ਸਨ। 1921 ਵਿਚ ਇਹ ਅਸਥਾਨ ਸ਼੍ਰੋਮਣੀ ਕਮੇਟੀ ਅਧੀਨ ਆ ਗਿਆ। 1947 ਤੋਂ ਬਾਅਦ ਪਾਕਿਸਤਾਨ ਵਕਫ਼ ਬੋਰਡ ਕੋਲ ਰਿਹਾ ਇਹ ਅਸਥਾਨ ਹੁਣ ਇਵੈਕਿਊਟੀ ਟਰੱਸਟ ਪ੍ਰਾਪਟੀ ਬੋਰਡ (ਈਟੀਪੀਬੀ) ਅਧੀਨ ਹੈ।