ਪੰਜਾਬੀ ਦੀ ਦੋਗਾਣਾ ਗਾਇਕੀ ਵਿੱਚ ਯੋਗਦਾਨ ਪਾਉਣ ਵਾਲੀਆਂ ਪਹਿਲੇ ਦੌਰ ਦੀਆਂ ਮਕਬੂਲ ਜੋੜੀਆਂ ਵਿੱਚ ਪੋਹਲੀ-ਪੰਮੀ ਦਾ ਵਿਸ਼ੇਸ਼ ਸਥਾਨ ਹੈ। ਪੋਹਲੀ ਦਾ ਪੂਰਾ ਨਾਂ ਗੁਰਚਰਨ ਸਿੰਘ ਪੋਹਲੀ ਹੈ ਅਤੇ ਪੰਮੀ ਦਾ ਨਾਂ ਪ੍ਰੋਮਿਲਾ ਪੰਮੀ। ਗਾਇਕੀ ਦੇ ਖੇਤਰ ਵਿੱਚ ਵਿਚਰਦੀ ਇਹ ਜੋੜੀ ਅਸਲ ਜੀਵਨ ਵਿੱਚ ਵੀ ਜੋੜੀ ਬਣੀ।
ਗੁਰਚਰਨ ਪੋਹਲੀ ਦਾ ਜਨਮ 24 ਜੂਨ, 1942 ਨੂੰ ਮਿੰਟਗੁਮਰੀ (ਪਾਕਿਸਤਾਨ) ਜ਼ਿਲ੍ਹੇ ਦੀ ਤਹਿਸੀਲ ਪਾਕਪਟਨ ਦੇ ਪਿੰਡ ਚੱਕ ਨੰ: 51 ਵਿਖੇ ਪਿਤਾ ਬੂੜ ਸਿੰਘ ਦੇ ਘਰ ਹੋਇਆ। ਹੱਲਿਆਂ ਵੇਲ਼ੇ ਪਰਿਵਾਰ ਆਪਣਾ ਘਰ ਬਾਰ ਛੱਡ ਕੇ ਇੱਧਰ ਆ ਗਿਆ। ਪੜ੍ਹਾਈ ਸਮੇਂ ਦੌਰਾਨ ਹੀ ਪੋਹਲੀ ਨੂੰ ਨੱਚਣ ਅਤੇ ਗਾਉਣ ਦਾ ਸ਼ੌਕ ਪੈ ਗਿਆ। ਮੈਟ੍ਰਿਕ ਤੱਕ ਪਹੁੰਚਦਿਆਂ ਉਹ ਵਧੀਆ ਭੰਗੜਚੀ ਬਣ ਗਿਆ ਸੀ। ਬਾਅਦ ਵਿੱਚ ਉੁਸ ਨੇ ਨੈਸ਼ਨਲ ਪੱਧਰ ਤੱਕ ਭੰਗੜਾ ਪਾਇਆ। ਉਹ ਨਾਮੀ ਖਿਡਾਰੀ ਵੀ ਸੀ। ਉਸਤਾਦ ਸੰਗੀਤਕਾਰ ਜਸਵੰਤ ਭੰਵਰਾ ਦੇ ਸੰਗੀਤ ਸਕੂਲ ਵਿੱਚੋਂ ਉਸ ਨੇ ਸੰਗੀਤ ਦਾ ਪਾਠ ਪੜ੍ਹਿਆ। ਇਥੇ ਹੀ ਪ੍ਰੋਮਿਲਾ ਪੰਮੀ ਨਾਲ ਉਸ ਦਾ ਮੇਲ ਜੋਲ ਹੋਇਆ।
ਉਸ ਨੇ ਪ੍ਰੋਮਿਲਾ ਪੰਮੀ ਨਾਲ ਜੋੜੀ ਬਣਾਈ ਅਤੇ ਪ੍ਰੋਗਰਾਮ ਸ਼ੁਰੂ ਕਰ ਦਿੱਤੇ। ਇਸ ਜੋੜੀ ਦੀ ਆਵਾਜ਼ ਵਿੱਚ ਐਚ.ਐਮ.ਵੀ. ਕੰਪਨੀ ਨੇ ਕੁਝ ਗੀਤ ਰਿਕਾਰਡ ਕਰਕੇ ਮਾਰਕੀਟ ਵਿੱਚ ਭੇਜੇ ਜੋ ਚੰਗੇ ਚੱਲੇ। 1966 ਵਿੱਚ ਇਹਨਾਂ ਦੀਆਂ ਆਵਾਜ਼ਾਂ ਵਿੱਚ ਆਏ ਤਵੇ ਦੇ ਦੋਗਾਣਿਆਂ ਦੇ ਬੋਲ ਪਿੰਡਾਂ ਦੇ ਗੱਭਰੂਆਂ ਦੀ ਜ਼ੁਬਾਨ ’ਤੇ ਚੜ੍ਹ ਗਏ-
ਆਥਣ ਉੱਗਣ ਕਰੇਂ ਕਚੀਰਾ, ਲੜਦਾ ਉਠਦਾ ਬਹਿੰਦਾ
ਵੇ ਮੈਂ ਨਹੀਂ ਤੇਰੇ ਘਰ ਵਸਣਾ, ਵੇ ਤੂੰ ਨਿੱਤ ਦਾ ਸ਼ਰਾਬੀ ਰਹਿੰਦਾ।
ਕਿਹੜੀ ਗੱਲੋਂ ਕਰੇਂ ਕਚੀਰਾ, ਲਿਖਿਆ ਵਿੱਚ ਕਿਤਾਬਾਂ,
ਨੀ ਪੁੱਤ ਸਰਦਾਰਾਂ ਦੇ ਖਾਣ ਬੱਕਰੇ ਤੇ ਪੀਣ ਸ਼ਰਾਬਾਂ।
ਇਸ ਤਰ੍ਹਾਂ ਇਕੱਠੇ ਸਟੇਜ ਪ੍ਰੋਗਰਾਮ ਕਰਦੇ ਅਤੇ ਰਿਕਾਰਡਿੰਗ ਕਰਵਾਉਂਦੇ ਇਹ ਦੋਵੇਂ ਇੱਕ ਦੂਜੇ ਦੇ ਨੇੜੇ ਹੁੰਦੇ ਗਏ ਅਤੇ ਵਿਆਹ ਕਰਵਾ ਕੇ ਇੱਕ ਦੂਜੇ ਦੇ ਹੋ ਗਏ। ਭਾਵੇਂ ਇਸ ਜੋੜੀ ਦੇ ਜ਼ਿਆਦਾ ਪ੍ਰੋਗਰਾਮ ਚੱਲ ਰਹੇ ਸਨ ਅਤੇ ਗਾਇਕੀ ਖੇਤਰ ਵਿੱਚ ਚੰਗਾ ਨਾਂ ਬਣ ਗਿਆ ਸੀ, ਪਰ ਪੋਹਲੀ ਦਾ ਮਨ ਫ਼ਿਲਮੀ ਦੁਨੀਆਂ ਵਿੱਚ ਜਾਣ ਲਈ ਮਚਲਦਾ ਰਹਿੰਦਾ ਸੀ। ਇਸ ਲਈ ਉਹ ਲੁਧਿਆਣਾ ਛੱਡ ਕੇ ਬੰਬਈ ਜਾ ਪਹੁੰਚਿਆ।
ਫ਼ਿਲਮ ਨਗਰੀ ਵਿੱਚ ਸੱਤ ਅੱਠ ਸਾਲ ਉਸ ਨੇ ਸੰਘਰਸ਼ ਕੀਤਾ। ਕਈ ਹਿੰਦੀ ਪੰਜਾਬੀ ਫ਼ਿਲਮਾਂ ਵਿੱਚ ਵੱਖ ਵੱਖ ਤਰ੍ਹਾਂ ਦੇ ਰੋਲ ਵੀ ਕੀਤੇ ਜਿਵੇਂ ਕੁੱਲੀ ਯਾਰ ਦੀ, ਸੰਨਿਆਸੀ, ਹਮਰਾਹੀ, ਚਟਾਨ ਸਿੰਘ, ਪਾਪ ਔਰ ਪੁੰਨ, ਦੋ ਜਾਸੂਸ, ਕੋਰਾ ਬਦਨ, ਹਵਸ, ਦਿਲ ਔਰ ਪੱਥਰ, ਸ਼ਰਾਫਤ ਛੋੜ ਦੀ ਮੈਨੇ ਆਦਿ। ਇੱਥੇ ਕਮਾਈ ਤਾਂ ਕੀ ਹੋਣੀ ਸੀ ਘਰੋਂ ਵੀ ਪੈਸੇ ਮੰਗਵਾਉਣੇ ਪਏ। ਅਖ਼ੀਰ ਆਪਣੇ ਸੁਪਨਿਆਂ ਦੀ ਨਗਰੀ ਨੂੰ ਅਲਵਿਦਾ ਕਹਿ ਮੁੜ ਲੁਧਿਆਣੇ ਆ ਗਿਆ ਅਤੇ ਪ੍ਰੋਗਰਾਮ ਕਰਨੇ ਸ਼ੁਰੂ ਕਰ ਦਿੱਤੇ।
ਸਟੇਜ ਪ੍ਰੋਗਰਾਮਾਂ ਦੇ ਨਾਲ ਨਾਲ ਰਿਕਾਰਡਿੰਗ ਵੀ ਹੁੰਦੀ ਰਹੀ। ਐਚ.ਐਮ.ਵੀ. ਤੋਂ ਇਲਾਵਾ ਈ.ਐਮ.ਆਈ. ਕੰਪਨੀ ਨੇ ਇਸ ਜੋੜੀ ਦੀ ਆਵਾਜ਼ ਵਿੱਚ ਲਗਾਤਾਰ ਐਲ.ਪੀ. ਕੱਢੇ। ਕੁੱਝ ਐਲ.ਪੀ. ਦੂਜੇ ਕਲਾਕਾਰਾਂ ਨਾਲ ਸਾਂਝੇ ਰੂਪ ਵਿੱਚ ਵੀ ਰਿਲੀਜ਼ ਹੋਏ। ਗੁਰਚਰਨ ਪੋਹਲੀ ਤੇ ਪ੍ਰੋਮਿਲਾ ਪੰਮੀ ਦੀਆਂ ਆਵਾਜ਼ਾਂ ਵਿੱਚ ਭਾਵੇਂ ਬਹੁਤ ਸਾਰੇ ਗੀਤ ਰਿਕਾਰਡ ਹੋਏ ਪਰ ਕੁੱਝ ਗਿਣਤੀ ਦੇ ਹੀ ਲੋਕ ਚੇਤਿਆਂ ’ਚ ਵਸ ਸਕੇ। ਪੋਹਲੀ ਤੇ ਪੰਮੀ ਦੀ ਆਵਾਜ਼ ਵਿੱਚ ਪਾਈਆਂ ਬੋਲੀਆਂ ਆਪਣੀ ਮਿਸਾਲ ਆਪ ਹਨ। ਭੰਗੜਾ ਕਲਾਕਾਰ ਹੋਣ ਕਾਰਨ ਉਹ ਬੋਲੀ ਨੂੰ ਬੜੇ ਲੋਕ ਰੰਗ ਵਿੱਚ ਨਿਭਾਉਂਦਾ।
ਪੋਹਲੀ ਦੀ ਸਾਰੀ ਦੀ ਸਾਰੀ ਰਿਕਾਰਡਿੰਗ ਪੰਮੀ ਨਾਲ ਹੀ ਹੈ, ਸਿਰਫ਼ ਇੱਕ ਦੋ ਗੀਤ ਉਸ ਦੇ ਨਰਿੰਦਰ ਬੀਬਾ ਤੇ ਊਸ਼ਾ ਕਿਰਨ ਨਾਲ ਰਿਕਾਰਡ ਹੋਏ ਮਿਲਦੇ ਹਨ ਜਿਨ੍ਹਾਂ ਵਿੱਚ-
‘ਸੌਂਕਣ ਦੀਆਂ ਪੱਕੀਆਂ ਖਾਇਆ ਕਰ
ਹੁਣ ਮੌਜ ਦੋਹਾਂ ਦੀ ਲੱਗ ਗਈ ਨੀ’
‘ਤੀਵੀਆਂ ਦੋ ਬੁਰੀਆਂ’
‘ਕਲੈਹਰੀਆ ਮੋਰਾ ਵੇ, ਮੈਂ ਨਾ ਤੇਰੇ ਰਹਿੰਦੀ’
ਭਾਵੇਂ ਪੋਹਲੀ ਫਿਲਮਾਂ ਪਿੱਛੇ 7-8 ਸਾਲ ਬੰਬਈ ਲਾ ਆਇਆ ਸੀ, ਪਰ ਅਜੇ ਤੱਕ ਉਸ ਦੇ ਮਨ ਦੀ ਕਿਸੇ ਨੁੱਕਰ ਵਿੱਚ ਫ਼ਿਲਮਾਂ ਪ੍ਰਤੀ ਖਾਹਿਸ਼ ਲੁਕੀ ਪਈ ਸੀ। ਆਪਣੇ ਸਾਥੀਆਂ ਦੇਵ ਥਰੀਕੇ ਵਾਲਾ, ਚੰਨ ਗੁਰਾਇਆਂ ਵਾਲਾ ਤੇ ਕੁਲਦੀਪ ਮਾਣਕ ਨਾਲ ਮਿਲਕੇ ਉਸ ਨੇ ਪੰਜਾਬੀ ਫ਼ਿਲਮ ‘ਬਲਬੀਰੋ ਭਾਬੀ’ ਬਣਾ ਕੇ ਆਪਣੀ ਖਾਹਿਸ਼ ਪੂਰੀ ਕੀਤੀ। ਇਹ ਫ਼ਿਲਮ ਚੰਗੀ ਚੱਲੀ। ਇਸ ਵਿੱਚ ਪੋਹਲੀ ਨੇ ਘੁੱਕਰ ਦਾ ਰੋਲ ਕੀਤਾ ਜੋ ਯਾਦਗਾਰੀ ਹੋ ਨਿਬੜਿਆ। ਗਾਉਣ ਵਾਲਿਆਂ ਵਿੱਚੋਂ ਪੋਹਲੀ ਨੇ ਸਭ ਤੋਂ ਪਹਿਲਾਂ ਵਿਦੇਸ਼ੀ ਦੌਰਾ ਕੀਤਾ। ਬੈਂਕਾਕ, ਮਲੇਸ਼ੀਆ, ਸਿੰਗਾਪੁਰ ਆਦਿ ਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦਾ ਭਰਪੂਰ ਮਨੋਰੰਜਨ ਕੀਤਾ।
ਇੱਕ ਵਾਰ ਬਠਿੰਡੇ ਵੱਲ ਇੱਕ ਪਿੰਡ ਦੇ ਅਖਾੜੇ ਵਿੱਚ ਸ਼ਰਾਬੀ ਹੋਏ ਬੰਦੇ ਤੋਂ ਹੱਥ ਵਿੱਚ ਫੜੀ ਬੰਦੂਕ ਦਾ ਘੋੜਾ ਦੱਬਿਆ ਗਿਆ। ਗੋਲੀ ਸਿੱਧੀ ਪੋਹਲੀ ਦੇ ਪੱਟ ਵਿੱਚੋਂ ਲੰਘ ਕੇ ਇੱਕ ਹੋਰ ਬੰਦੇ ਦੇ ਜਾ ਵੱਜੀ। ਪੋਹਲੀ ਬਚ ਤਾਂ ਗਿਆ ਪਰ ਲੰਬਾ ਸਮਾਂ ਉਸ ਨੂੰ ਲੱਤ ਦੇ ਇਲਾਜ ਲਈ ਬਿਸਤਰੇ ’ਤੇ ਪੈਣਾ ਪਿਆ।
ਗੁਰਚਰਨ ਪੋਹਲੀ ਨੇ ਬਾਬੂ ਸਿੰਘ ਮਾਨ, ਦੇਵ ਥਰੀਕਿਆਂ ਵਾਲਾ, ਦੀਦਾਰ ਸੰਧੂ ਆਦਿ ਗੀਤਕਾਰਾਂ ਦੇ ਗੀਤਾਂ ਨੂੰ ਆਵਾਜ਼ਾਂ ਦਿੱਤੀਆਂ ਹਨ। ਨੌਵੇਂ ਦਹਾਕੇ ਦੇ ਆਖ਼ਰੀ ਸਮੇਂ ਜਦੋਂ ਪੰਜਾਬ ਦੇ ਮਾਲਵਾ ਖੇਤਰ ਵਿੱਚ ਕਾਲੀ ਹਨੇਰੀ ਚੱਲੀ ਤਾਂ ਇਸ ਦਾ ਪ੍ਰਭਾਵ ਕਲਾਕਾਰਾਂ ’ਤੇ ਵੀ ਪਿਆ। ਇਸ ਸਮੇਂ ਕਈ ਜਣੇ ਵਿਦੇਸ਼ਾਂ ਵਿੱਚ ਹੀ ਸੈਟ ਹੋ ਗਏ। ਗੁਰਚਰਨ ਪੋਹਲੀ ਵੀ ਪਰਿਵਾਰ ਸਮੇਤ ਅਮਰੀਕਾ ਸੈਟ ਹੋ ਗਿਆ।